ਇੰਝ ਹੋਂਦ ਵਿਚ ਆਇਆ ਮਈ ਦਿਹਾੜਾ

ਇੰਝ ਹੋਂਦ ਵਿਚ ਆਇਆ ਮਈ ਦਿਹਾੜਾ

ਇਹ ਕਾਨੂੰਨ ਦੀ ਪਰਖ ਹੈ। ਅਰਾਜਕਤਾ ਸਬੰਧੀ ਮੁਕਦਮਾ ਹੈ। ਇਨ੍ਹਾਂ ਵਿਅਕਤੀਆਂ ਨੂੰ ਗਰੈਂਡ ਜਿਊਰੀ ਵੱਲੋਂ ਚੁਣਿਆ ਅਤੇ ਦੋਸ਼ੀ ਬਣਾਇਆ ਗਿਆ ਹੈ ਕਿਉਂਕਿ ਇਹ ਲੀਡਰ ਹਨ। ਇਹ ਉਨ੍ਹਾਂ ਹਜ਼ਾਰਾਂ ਲੋਕਾਂ ਤੋਂ ਵੱਧ ਦੋਸ਼ੀ ਹਨ ਜਿਹੜੇ ਇਨ੍ਹਾਂ ਦੇ ਪਿੱਛੇ ਲੱਗੇ ਹੋਏ ਹਨ। ਜਿਊਰੀ ਦੇ ਭੱਦਰ ਪੁਰਸ਼ੋ; ਇਨ੍ਹਾਂ ਨੂੰ ਦੋਸ਼ੀ ਕਰਾਰ ਦਿਉ ਅਤੇ ਮਿਸਾਲ ਕਾਇਮ ਕਰੋ, ਇਨ੍ਹਾਂ ਨੂੰ ਫਾਹੇ ਲਾਉ ਅਤੇ ਸਾਡੇ ਅਦਾਰਿਆਂ, ਸਾਡੇ ਸਮਾਜ ਨੂੰ ਬਚਾਉ।” ਇਹ ਕਹਿਣਾ ਸੀ ਅਮਰੀਕਾ ਵਿਚ ਇਲੀਨਾਏ ਦੇ ਅਟਾਰਨੀ ਜਨਰਲ ਦਾ।

ਜਿਨ੍ਹਾਂ ਵਿਅਕਤੀਆਂ ਤੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਨੂੰ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ, ਉਹ ਅਮਰੀਕਾ ਵਿਚ ਸ਼ਿਕਾਗੋ ਦੀਆਂ ਵੱਖ ਵੱਖ ਟਰੇਡ ਯੂਨੀਅਨਾਂ ਦੇ ਮੈਂਬਰ ਸਨ। ਇਨ੍ਹਾਂ ਨੂੰ ਕਾਮਿਆਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਦੌਰਾਨ ਇਕ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ ਬੰਬ ਵਿਸਫੋਟ ਕਾਰਨ ਮਾਰੇ ਗਏ ਪੁਲੀਸ ਮੁਲਾਜ਼ਮਾਂ ਦੇ ਕਤਲਾਂ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਹ ਮਜ਼ਦੂਰ ਆਪਣਾ ਕੰਮ ਦਾ ਸਮਾਂ ਰੋਜ਼ਾਨਾ ਅੱਠ ਘੰਟੇ ਕਰਨ ਦੀ ਮੰਗ ਕਰ ਰਹੇ ਸਨ, ਜਦੋਂਕਿ ਉਨ੍ਹਾਂ ਤੋਂ 10, 12, 14 ਘੰਟੇ ਤੱਕ ਰੋਜ਼ਾਨਾ ਕੰਮ ਲਿਆ ਜਾਂਦਾ ਸੀ।

ਆਸਟਰੇਲੀਆ ਵਿਚ ਸਰਦੀਆਂ ਵਿਚ ਤੇ ਅਮਰੀਕਾ, ਕੈਨੇਡਾ ਗਰਮੀਆਂ ਵਿਚ ਦਿਨ ਲੰਮੇ ਹੁੰਦੇ ਹਨ। ਸਭ ਤੋਂ ਲੰਬਾ ਦਿਨ 14 ਘੰਟੇ 40 ਮਿੰਟ ਦਾ ਹੈ। ਮਜ਼ਦੂਰ ਨੂੰ ਦਿਨ ਚੜ੍ਹੇ ਤੋਂ ਦਿਨ ਡੁਬਣ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਮਜ਼ਦੂਰ ਨੂੰ ਪੁੱਛਿਆ ਜਾਂਦਾ ਸੀ ਕਿ ਕਿੰਨੇ ਘੰਟੇ ਕੰਮ ਕਰੇਂਗਾ; ਤੇ ਜਿਹੜਾ ਮਜ਼ਦੂਰ ਅੱਠ ਘੰਟੇ ਤੋਂ ਵੱਧ 10, 11, 12 ਜਾਂ 14 ਘੰਟੇ ਤੱਕ ਉਸੇ ਇਕ ਡਾਲਰ ਇਕ ਦਿਨ ਦੀ ਮਜ਼ਦੂਰੀ ਕਰਨ ਲਈ ਰਜ਼ਾਮੰਦ ਹੁੰਦਾ ਸੀ, ਉਸ ਨੂੰ ਕੰਮ ਤੇ ਲੈ ਜਾਂਦੇ ਸਨ।

ਆਸਟਰੇਲੀਆ ਦੇ ਪੱਥਰ ਦਾ ਕੰਮ ਕਰਦੇ ਮਿਸਤਰੀਆਂ ਤੇ ਮਜ਼ਦੂਰਾਂ ਨੇ 8 ਘੰਟੇ ਦੀ ਦਿਹਾੜੀ ਦੀ ਮੰਗ ਉਠਾਈ ਅਤੇ ਆਪਣੀ ਮੰਗ ਦੇ ਸਮਰਥਨ ਵਿਚ 21 ਅਪਰੈਲ 1856 ਨੂੰ ਸਮੂਹਿਕ ਪੱਧਰ ਤੇ ਕੰਮ ਠੱਪ ਕੀਤਾ। ਇਸ ਤਰ੍ਹਾਂ ਉਹ ਹਰ ਸਾਲ ਕਰਦੇ ਸਨ। ਇਸ ਦੀ ਲੋਅ ਅਮਰੀਕਾ ਤੇ ਕੈਨੇਡਾ ਦੇ ਵਰਕਰਾਂ ਤੱਕ ਵੀ ਪਹੁੰਚ ਗਈ ਤੇ 1965 ਤੋਂ ਇਸ ਦੀ ਮੰਗ ਵਿਆਪਕ ਰੂਪ ਧਾਰਨ ਲੱਗੀ ਪਰ ਕਾਮਯਾਬੀ ਨਾ ਮਿਲੀ।

ਸ਼ਿਕਾਗੋ 1880ਵਿਆਂ ਦੌਰਾਨ ਤੇਜ਼ੀ ਨਾਲ ਵਿਕਸਤ ਹੋ ਰਿਹਾ ਸ਼ਹਿਰ ਸੀ। ਨਿਊ ਇੰਗਲੈਂਡ ਅਤੇ ਪੂਰਬ ਦੇ ਇਮੀਗਰਾਂਟ, ਜਿਹੜੇ ਅਮਰੀਕਾ ਵਿਚ ਆਇਰਿਸ਼ਾਂ ਅਤੇ ਜਰਮਨਾਂ ਤੋਂ ਪਹਿਲਾਂ ਆਣ ਵੱਸੇ ਸਨ, ਦਾ 19ਵੀਂ ਸਦੀ ਦੇ ਦੂਜੇ ਅੱਧ ਦੌਰਾਨ ਸ਼ਹਿਰ ਵਿਚ ਦਬਦਬਾ ਕਾਇਮ ਸੀ। ਬਾਅਦ ਵਿਚ ਆਏ ਆਇਰਿਸ਼ਾਂ ਅਤੇ ਜਰਮਨਾਂ ਨੂੰ ਪਹਿਲਾਂ ਵਸੇ ਲੋਕਾਂ ਦੇ ਮੁਕਾਬਲੇ ਘਟੀਆ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਸਸਤੇ ਮਜ਼ਦੂਰਾਂ ਵਜੋਂ ਦੇਖਿਆ ਜਾਂਦਾ ਸੀ। ਇਹ ਵਿਚਾਰ ਹਨ ਇਲੀਨਾਏ ਯੂਨੀਵਰਸਿਟੀ ਵਿਚ ਐਸੋਸੀਏਟ ਪ੍ਰੋਫੈਸਰ ਅਤੇ ਇਲੀਨਾਏ ਲੇਬਰ ਹਿਸਟਰੀ ਦੇ ਮੀਤ ਪ੍ਰਧਾਨ ਵਿਲੀਅਮ ਜੇ ਐਲਡਮੈਨ ਜੋ ਉਨ੍ਹਾਂ ਆਪਣੇ ਕਾਰਜ ‘ਹੇਅ ਮਾਰਕੀਟ ਰੀਵਿਜ਼ਿਟਡ’ ਵਿਚ ਪ੍ਰਗਟਾਏ ਹਨ। ਉਨ੍ਹਾਂ ਮੁਤਾਬਕ ਉਦੋਂ ਦੇ ਹਾਲਾਤ ਬੜੇ ਖ਼ਤਰਨਾਕ ਸਨ। ਇਸ 1880ਵਿਆਂ ਦੇ ਦੌਰ ਵਿਚ ਮਸ਼ੀਨਰੀ ਤੇਜ਼ੀ ਨਾਲ ਵਿਕਸਤ ਹੋ ਰਹੀ ਸੀ ਜੋ ਹੁਨਰਮੰਦ ਕਾਮਿਆਂ ਦੀਆਂ ਨੌਕਰੀਆਂ ਵੀ ਤਬਾਹ ਕਰ ਰਹੀ ਸੀ। ਉਤੋਂ ਕਾਮੇ ਯੂਰਪ ਤੋਂ ਇੰਨੀ ਭਾਰੀ ਗਿਣਤੀ ਵਿਚ ਆ ਰਹੇ ਸਨ ਕਿ ਜੇ ਕੋਈ ਘੱਟ ਉਜਰਤ ਜਾਂ ਵੱਧ ਸਮਾਂ ਕੰਮ ਕਰਨ ਤੋਂ ਇਨਕਾਰੀ ਹੁੰਦਾ ਤਾਂ ਕੋਈ ਹੋਰ ਕਾਮਾ ਉਸ ਦੀ ਥਾਂ ਲੈਣ ਲਈ ਤਿਆਰ ਹੁੰਦਾ। ਕਾਮਿਆਂ ਨੂੰ 10, 12, 14 ਘੰਟਿਆਂ ਤੱਕ ਕੰਮ ਕਰਵਾ ਕੇ ਵੀ ਬਹੁਤ ਘੱਟ ਉਜਰਤਾਂ ਦਿੱਤੀਆਂ ਜਾਂਦੀਆਂ ਸਨ। 10 ਸੈਂਟ ਤੋਂ ਇੱਕ ਡਾਲਰ ਦਿਹਾੜੀ ਸੀ। ਕਾਮੇ ਐਤਵਾਰਾਂ ਨੂੰ ਆਇਰਿਸ਼ ਅਤੇ ਜਰਮਨ ਸੈਲੂਨਜ਼ ਅਤੇ ਬੀਅਰ ਗਾਰਡਨਜ਼ ਵਿਚ ਇਕੱਠੇ ਹੋ ਕੇ ਮੀਟਿੰਗਾਂ ਕਰਦੇ ਸਨ ਤਾਂ ਇਨ੍ਹਾਂ ਮੀਟਿੰਗਾਂ ਨੂੰ ਰੋਕਣ ਲਈ ਐਤਵਾਰ ਨੂੰ ਸੈਲੂਨਜ਼ ਅਤੇ ਬੀਅਰ ਗਾਰਡਨਜ਼ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ।

ਅਜਿਹੇ ਹਜ਼ਾਰਾਂ ਭੁੱਖ ਨਾਲ ਮਰ ਰਹੇ ਕਾਮਿਆਂ ਨੇ 1872 ਦੀਆਂ ਸਰਦੀਆਂ ਵਿਚ ਖਾਣਾ ਖ਼ਰੀਦਣ ਲਈ ਪੈਸੇ ਵਾਸਤੇ ਰਿਲੀਫ਼ ਐਂਡ ਏਡ ਸੁਸਾਇਟੀ ਵੱਲ ਮਾਰਚ ਕੀਤਾ ਤਾਂ ਉਨ੍ਹਾਂ ਨੂੰ ਸ਼ਿਕਾਗੋ ਦਰਿਆ ਦੇ ਹੇਠਾਂ ਬਣੀ ਸੁਰੰਗ ਵਿਚ ਲਿਜਾ ਕੇ ਕੁੱਟਿਆ-ਮਾਰਿਆ ਗਿਆ। ਇਸ ਘਟਨਾ ਨੂੰ ਬਰੈਡ ਰੌਇਟ (ਰੋਟੀ ਲਈ ਦੰਗੇ) ਵਜੋਂ ਜਾਣਿਆ ਜਾਂਦਾ ਹੈ।

ਕਾਮਿਆਂ ਦੇ ਸੰਘਰਸ਼ ਅਤੇ ਹੜਤਾਲਾਂ ਦੇ ਬਾਵਜੂਦ ਉਨ੍ਹਾਂ ਦੀ ਸੁਣੀ ਨਹੀਂ ਸੀ ਜਾ ਰਹੀ ਪਰ ਕੰਮ ਦੇ ਘੰਟੇ ਤੈਅ ਕਰਾਉਣ ਲਈ ਮਈ 1867 ਦੇ ਨਾਕਾਮ ਰਹੇ ਸੰਘਰਸ਼ ਦੇ ਬਾਵਜੂਦ ਕਾਮਿਆਂ ਦਾ ਸੰਘਰਸ਼ ਲਈ ਉਤਸ਼ਾਹ ਬਰਕਰਾਰ ਸੀ; ਹਾਲਾਂਕਿ ਉਸ ਸੰਘਰਸ਼ ਦੇ ਮੋਹਰੀਆਂ, ਹਮਦਰਦਾਂ ਅਤੇ ਉਨ੍ਹਾਂ ਦੇ ਹਮਾਇਤੀ ਪੱਤਰਕਾਰਾਂ ਨੂੰ ਵੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਆਖ਼ਰ 1884 ਵਿਚ ਸ਼ਿਕਾਗੋ ਵਿਚ ਹੋਈ ਅਮਰੀਕਾ ਅਤੇ ਕੈਨੇਡਾ ਦੇ ਕਾਮਿਆਂ ਦੀ ਇਕੱਤਰਤਾ ਵਿਚ ਐਲਾਨ ਕਰ ਦਿੱਤਾ ਗਿਆ ਕਿ ਕਾਮੇ ਮਈ 1886 ਤੋਂ ਅੱਠ ਘੰਟੇ ਹੀ ਕੰਮ ਕਰਨਗੇ। ਇਹ ਮਈ ਦਾ ਦਿਨ ਸ਼ਾਇਦ 1867 ਦੇ ਨਾਕਾਮ ਸੰਘਰਸ਼ ਦੀ ਯਾਦ ਵਜੋਂ ਮਿੱਥਿਆ ਗਿਆ ਸੀ, ਦੂਜਾ ਕਾਰਨ ਇਹ ਵੀ ਸੀ ਕਿ ਅਮਰੀਕਾ ਅਤੇ ਕੈਨੇਡਾ ਵਿਚ ਇਮਾਰਤਾਂ ਦੀ ਉਸਾਰੀ ਅਤੇ ਹੋਰ ਸਨਅਤੀ ਤੇ ਕਾਰੋਬਾਰੀ ਸਰਗਰਮੀਆਂ ਸਰਦੀਆਂ ਦੀ ਬਰਫ ਪਿਘਲਣ ਤੋਂ ਬਾਅਦ ਪਹਿਲੀ ਮਈ ਤੋਂ ਹੀ ਸ਼ੁਰੂ ਹੁੰਦੀਆਂ ਸਨ।

ਇੱਕ ਮਈ, 1886 ਨੂੰ ਦੇਸ਼ ਭਰ ਦੀਆਂ 12 ਹਜ਼ਾਰ ਫੈਕਟਰੀਆਂ ਦੇ 3.40 ਲੱਖ ਕਾਮਿਆਂ ਨੇ ਹੜਤਾਲ ਕਰ ਦਿੱਤੀ ਤੇ ਰੈਲੀ ਕੀਤੀ ਜਿਨ੍ਹਾਂ ਵਿਚੋਂ 80 ਹਜ਼ਾਰ ਸ਼ਿਕਾਗੋ ਦੇ ਸਨ। ਅਗਲੇ ਦਿਨ 2 ਮਈ ਨੂੰ ਐਤਵਾਰ ਸੀ, ਜਦੋਂ ਉਨ੍ਹਾਂ ਫਿਰ ਮਾਰਚ ਕੀਤੇ। ਫਿਰ 3 ਮਈ ਨੂੰ ਮੈਕੋਰਮਿਕ ਪਲਾਂਟ ਨੇੜੇ ਭਾਰੀ ਇਕੱਤਰਤਾ ਹੋਈ ਜਿਸ ਦਾ ਮਾਲਕ ਸਾਈਰਸ ਮੈਕੋਰਨਿਕ-ਦੂਜਾ ਯੂਨੀਅਨ ਨੂੰ ਤੋੜਨ ਤੇ ਉਤਾਰੂ ਸੀ। ਉਸ ਨੇ ਇਸ ਲਈ ਜਾਸੂਸੀ ਏਜੰਸੀ ਦੀ ਮਦਦ ਲਈ ਸੀ ਅਤੇ ਪੁਲੀਸ ਇੰਸਪੈਕਟਰ ਕੈਪਟਨ ਬੋਨਫੀਲਡ ਦੀ ਤਾਇਨਾਤੀ ਉਸ ਇਲਾਕੇ ਵਿਚ ਕਰਵਾ ਲਈ ਸੀ। ਇਹ ਪੁਲੀਸ ਅਫ਼ਸਰ ਦੇਖਦਿਆਂ ਹੀ ਗੋਲੀ ਮਾਰਨ ਵਿਚ ਵਿਸ਼ਵਾਸ ਰੱਖਦਾ ਸੀ ਅਤੇ ਮਜ਼ਦੂਰਾਂ ਤੇ ਵਿਦੇਸ਼ੀਆਂ ਦਾ ਵਿਰੋਧੀ ਸੀ। ਇਹ ਰੈਲੀ ਵੀ ਕਾਮਯਾਬ ਰਹੀ।

ਕਾਮਿਆਂ ਵੱਲੋਂ 4 ਮਈ, 1886 ਨੂੰ ਸ਼ਾਮ 7.30 ਵਜੇ ਹੇਅ ਮਾਰਕੀਟ ਵਿਚ ਰੱਖੀ ਗਈ ਮੀਟਿੰਗ ਬਹੁਤ ਅਹਿਮ ਪਰ ਯੋਜਨਾਬੰਦੀ ਵੱਲੋਂ ਕਮਜ਼ੋਰ ਸੀ। ਇਸ ਬਾਰੇ 20 ਹਜ਼ਾਰ ਦੁਵਰਕੀਆਂ ਛਪਵਾ ਕੇ ਵੰਡੀਆਂ ਗਈਆਂ ਸਨ। ਸ਼ਹਿਰ ਦਾ ਮੇਅਰ ਕਾਸਟਰ ਹੈਰੀਸਨ ਮਜ਼ਦੂਰ ਪੱਖੀ ਸੋਚ ਰੱਖਦਾ ਸੀ ਜਿਸ ਕਾਰਨ ਉਸ ਨੇ ਕੈਪਟਨ ਬੌਨਫੀਲਡ ਦੇ ਵਿਰੋਧ ਦੇ ਬਾਵਜੂਦ ਰੈਲੀ ਦੀ ਇਜਾਜ਼ਤ ਦਿੱਤੀ ਸੀ। ਉਹ ਰਾਤੀਂ 10 ਵਜੇ ਤੱਕ ਰੈਲੀ ਵਿਚ ਰਿਹਾ। ਉਸ ਦੇ ਜਾਣ ਦੇ ਤੁਰੰਤ ਬਾਅਦ ਭੀੜ ਤੇ ਇਕ ਬੰਬ ਸੁੱਟਿਆ ਗਿਆ ਜਿਸ ਨੂੰ ਸੁੱਟਣ ਵਾਲੇ ਬਾਰੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਉਦੋਂ ਤੱਕ ਪੁਲੀਸ ਨੇ ਉਸ ਥਾਂ ਨੂੰ ਘੇਰਾ ਪਾ ਲਿਆ ਸੀ। ਇਹ ਅਮਰੀਕਾ ਵਿਚ ਪਹਿਲੀ ਵਾਰ ਕਿਸੇ ਗ਼ੈਰ-ਫ਼ੌਜੀ ਮਕਸਦ ਲਈ ਬੰਬ ਦੀ ਵਰਤੋਂ ਕੀਤੀ ਗਈ ਸੀ। ਪੁਲੀਸ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਕਈ ਲੋਕ ਮਾਰੇ ਗਏ। ਪੁਲੀਸ ਵੱਲੋਂ ਘਬਰਾਹਟ ਵਿਚ ਚਲਾਈ ਗਈ ਗੋਲੀ ਕਾਰਨ ਕਈ ਪੁਲੀਸ ਮੁਲਾਜ਼ਮ ਵੀ ਮਾਰੇ ਗਏ।

ਅਗਲੇ ਦਿਨ 5 ਮਈ ਨੂੰ ਮਾਰਸ਼ਲ ਲਾਅ ਲੱਗ ਗਿਆ ਤੇ ਮਜ਼ਦੂਰਾਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਹੋ ਗਿਆ। ਸ਼ੁਰੂ ਵਿਚ 31 ਮਜ਼ਦੂਰ ਆਗੂਆਂ ਤੇ ਦੋਸ਼ ਲਾਏ ਗਏ ਸਨ ਪਰ 11 ਉਤੇ ਮੁਕੱਦਮੇ ਦੀ ਤਜਵੀਜ਼ ਬਣਾਈ ਗਈ। ਅੰਤ ਨੂੰ 8 ਤੇ ਮੁਕੱਦਮਾ ਚਲਾਇਆ ਗਿਆ। ਵਿਲੀਅਮ ਸੈਲੀਜਰ ਅਤੇ ਵਾਲਰ ਖ਼ਿਲਾਫ਼ ਕੋਈ ਕਾਰਵਾਹੀ ਨਹੀਂ ਕੀਤੀ ਗਈ। ਵਾਲਰ ਸਰਕਾਰੀ ਗਵਾਹ ਬਣ ਗਿਆ। ਰੁਡੋਲਫ ਕਦੇ ਲੱਭਿਆ ਹੀ ਨਹੀਂ। ਇਨ੍ਹਾਂ ਵਿਚੋਂ 7 ਨੂੰ ਸਜ਼ਾ-ਏ-ਮੌਤ ਅਤੇ ਇਕ ਨੂੰ ਉਮਰ ਕੈਦ ਸੁਣਾਈ ਗਈ। ਹੈਰਾਨੀ ਦੀ ਗੱਲ ਹੈ ਕਿ ਅਪਰਾਧੀ ਠਹਿਰਾਏ ਗਏ ਇਨ੍ਹਾਂ ਅੱਠਾਂ ਵਿਚੋਂ 6 ਤਾਂ 4 ਮਈ ਦੀ ਰੈਲੀ ਵਿਚ ਹਾਜ਼ਰ ਵੀ ਨਹੀਂ ਸਨ। ਇਹ ਸਾਰੇ ਵੱਖ ਵੱਖ ਯੂਨੀਅਨਾਂ ਦੇ ਆਗੂ ਸਨ।

ਮੁਕੱਦਮੇ ਬਾਰੇ ਜਨਰਲ ਮੈਥਿਊ ਮਾਰਕ ਟਰੰਬੁਲ ਨੇ ਆਪਣੀ ਕਿਤਾਬ ‘ਟਰਾਇਲ ਆਫ਼ ਦਾ ਜੱਜਮੈਂਟ’ ਵਿਚ ਲਿਖਿਆ ਹੈ, “ਮੁਕੱਦਮੇ ਵਿਚ ਇਨਸਾਫ਼ ਦੀ ਭਾਵਨਾ ਦਾ ਰਤਾ ਵੀ ਖ਼ਿਆਲ ਨਹੀਂ ਰੱਖਿਆ ਗਿਆ। ਸਰਕਾਰੀ ਵਕੀਲ ਨੇ ਪੂਰੇ ਮੁਕੱਦਮੇ ਦੌਰਾਨ ਜੋ ਤਰੀਕਾ ਅਪਣਾਇਆ, ਉਹ ਬਹੁਤ ਹੀ ਭੇਦਭਾਵ ਵਾਲਾ ਸੀ।”

ਫਾਂਸੀ ਤੇ ਇਲੀਨਾਏ ਦੀ ਸੁਪਰੀਮ ਕੋਰਟ ਨੇ ਪਹਿਲਾਂ ਰੋਕ ਲਾ ਦਿੱਤੀ ਸੀ ਪਰ ਬਾਅਦ ਵਿਚ ਰੋਕ ਹਟਾ ਲਈ ਗਈ ਅਤੇ ਕਿਹਾ ਗਿਆ ਕਿ ਦੋਸ਼ੀ ਸੋਸ਼ਲਿਸਟ ਹਨ ਅਤੇ ਸੋਸ਼ਲਿਜ਼ਮ ਪ੍ਰਾਈਵੇਟ ਪ੍ਰਾਪਰਟੀ ਦੀ ਚੋਰੀ ਕਰਨ ਦੀ ਵਕਾਲਤ ਕਰਦਾ ਹੈ ਜਿਸ ਕਾਰਨ ਜਿਊਰੀ ਮੈਂਬਰਾਂ ਦਾ ਉਨ੍ਹਾਂ ਪ੍ਰਤੀ ਪੂਰਵ-ਧਾਰਨਾਵਾਂ ਵਾਲਾ ਰਵੱਈਆ ਗ਼ਲਤ ਨਹੀਂ ਸੀ। ਪੂਰਵ ਪ੍ਰਧਾਨ ਇਬਰਾਹੀਮ ਲਿੰਕਨ ਦੇ ਸਾਥੀ ਲਿਓਨਾਰਡ ਸਵੀਟ ਨੇ ਆਪਣੇ ਵਲੋਂ ਇਲੀਨਾਏ ਦੀ ਸੁਪਰੀਮ ਕੋਰਟ ਵਿਚ ਇਕ ਹੋਰ ਅਪੀਲ ਪਾਈ ਜਿਹੜੀ ਫਾਂਸੀ ਦੇਣ ਦੀ ਮਿਤੀ ਨਵੰਬਰ 11, 1887 ਤੋਂ 7 ਦਿਨ ਪਹਿਲਾਂ ਖਾਰਜ ਕਰ ਦਿਤੀ ਗਈ। ਇਸ ਦਾ ਅਮਰੀਕਾ ਵਿਚ ਹੀ ਨਹੀਂ, ਸਾਰੀ ਦੁਨੀਆ ਵਿਚ ਤਿੱਖਾ ਪ੍ਰਤੀਕਰਮ ਹੋਇਆ। ਅਮਰੀਕਾ ਦੀ ਸੈਨੇਟ ਦੇ ਮੈਂਬਰ ਸਾਬਕਾ ਜੱਜ ਲੇਮੈਨ ਟਰੰਬੁਲ ਨੇ ਇਸ ਕੇਸ ਦੇ ਫੈਸਲੇ ਬਾਰੇ ਕਿਹਾ ਕਿ “ਇਹ ਸਭ ਤੋਂ ਵੱਡੀ ਭੁੱਲ ਹੈ ਜਿਸ ਨੇ ਸਾਰੀ ਕੌਮ ਤੇ ਦੇਸ਼ ਨੂੰ ਨੁਕਸਾਨ ਪਹੁੰਚਾਇਆ।” ਫਰਾਂਸ ਦੇ ਚੈਂਬਰ ਆਫ ਡਿਪਟੀਜ਼ ਨੇ 29 ਅਕਤੂਬਰ 1887 ਨੂੰ ਇਲੀਨਾਏ ਦੇ ਗਵਰਨਰ ਨੂੰ ਤਾਰ ਭੇਜ ਕੇ ਇਸ ਨੂੰ ਸਿਆਸੀ ਜੁਰਮ ਕਰਾਰ।

ਇਸੇ ਦੌਰਾਨ ਚਾਰ ਜਣਿਆਂ ਨੂੰ 11 ਨਵੰਬਰ, 1887 ਨੂੰ ਫਾਂਸੀ ਦੇ ਦਿੱਤੀ ਗਈ। ਲੂਈਸ ਲਿੰਗ ਨੂੰ ਮੁਆਫ਼ੀ ਮਿਲ ਜਾਣ ਦੀ ਆਸ ਸੀ ਪਰ ਉਸ ਨੂੰ 10 ਨਵੰਬਰ, 1887 ਨੂੰ ਜੇਲ੍ਹ ਵਿਚ ਇਕ ਟੋਪੀ ਦਿੱਤੀ ਗਈ। ਜਦੋਂ ਉਸ ਨੇ ਟੋਪੀ ਪਹਿਨੀ ਤਾਂ ਇਸ ਵਿਚ ਧਮਾਕਾ ਹੋ ਗਿਆ ਤੇ ਉਸ ਦਾ ਅੱਧਾ ਸਿਰ ਉਡ ਗਿਆ ਕਿਉਂਕਿ ਇਸ ਵਿਚ ਡਾਈਨਾਮਾਈਟ ਲਾਇਆ ਗਿਆ ਸੀ। ਉਸੇ ਦਿਨ ਸੈਮੂਅਲ ਲਿਕਲਡੇਨ ਅਤੇ ਮਿਸ਼ੇਲ ਸ਼ਵੈਬ ਦੀ ਸਜ਼ਾ-ਏ-ਮੌਤ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਗਿਆ, ਕਿਉਂਕਿ ਫਾਂਸੀ ਖਿਲਾਫ਼ ਦੁਨੀਆ ਭਰ ਵਿਚ ਖ਼ਾਸਕਰ ਫਰਾਂਸ, ਹਾਲੈਂਡ, ਰੂਸ ਅਤੇ ਇਟਲੀ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਸੀ।

ਬਾਅਦ ਵਿਚ ਨਵੰਬਰ 1892 ਵਿਚ ਇਲੀਨਾਏ ਦੇ ਸੀਨੀਅਰ ਵਕੀਲ ਜੌਹਨ ਪੀਟਰ ਐਲਟਗਲੈਡ ਗਵਰਨਰ ਬਣੇ ਜੋ ਚਲਦੇ ਮੁਕੱਦਮੇ ਦੌਰਾਨ ਦੋਚਿਤੀ ਵਿਚ ਸਨ, ਨੇ ਸਮੁੱਚੇ ਕੇਸ ਨੂੰ ਮੁੜ ਤੋਂ ਘੋਖਿਆ ਅਤੇ ਉਨ੍ਹਾਂ 26 ਜੂਨ, 1893 ਨੂੰ ਜੇਲ੍ਹ ਵਿਚ ਬੰਦ ਬਾਕੀ ਤਿੰਨ ਆਗੂਆਂ ਨੂੰ ਆਪਣੀ ਮੁਆਫੀ ਦੇ ਅਧਿਕਾਰ ਵਰਤਦਿਆਂ ਰਿਹਾਅ ਕਰ ਦਿੱਤਾ।

ਫਿਸ਼ਰ, ਏਂਜਲ, ਪਾਰਸਨਜ਼ ਤੇ ਸਪਾਈਸ ਦੇ ਫਾਂਸੀ ਵਾਲੇ ਦਿਨ ਦੀਆਂ ਘਟਨਾਵਾਂ ਤੇ ਫਾਂਸੀ ਚੜ੍ਹਨ ਵਾਲਿਆਂ ਦਾ ਪ੍ਰਤੀਕਰਮ ਇਕ ਰਿਪੋਰਟਰ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ: “ਮੁਕੰਮਲ ਬੇਪਰਵਾਹੀ ਨਾਲ ਚਹੁੰਆਂ ਨੇ ਫਾਂਸੀ ਵਾਲੇ ਫੱਟੇ ਤੇ ਆਪਣੀ ਪੁਜੀਸ਼ਨ ਲਈ। ਉਨ੍ਹਾਂ ਦੇ ਗਲਾਂ ਵਿਚ ਫਾਂਸੀ ਦੇ ਫੰਧੇ ਪਾਏ ਗਏ। ਫਿਸ਼ਰ ਨੇ ਆਪਣਾ ਫੰਧਾ ਆਪ ਠੀਕ ਕੀਤਾ। ਸਪਾਈਸ ਦਾ ਫੰਧਾ ਭੀੜਾ ਸੀ, ਉਹ ਵੀ ਫਿਸ਼ਰ ਨੇ ਆਪਣੇ ਹੱਥ ਨਾਲ ਠੀਕ ਕੀਤਾ ਤੇ ਸਪਾਈਸ ਨੇ ‘ਥੈਂਕ ਯੂ’ ਕਿਹਾ। ਸਪਾਈਸ ਹੁਣ ਕੜਕਿਆ- ‘ਸਮਾਂ ਆਏਗਾ ਜਦੋਂ ਸਾਡੀਆਂ ਆਵਾਜ਼ਾਂ ਜਿਨ੍ਹਾਂ ਦਾ ਤੁਸੀਂ ਅੱਜ ਗਲਾ ਘੁਟ ਰਹੇ ਹੋ, ਤੋਂ ਪੈਦਾ ਹੋਈ ਖਾਮੋਸ਼ੀ ਜ਼ਿਆਦਾ ਜ਼ੋਰ ਨਾਲ ਗੂੰਜੇਗੀ’। ਫਿਸ਼ਰ ਤੇ ਏਂਜਲ ਨੇ ਕਿਹਾ, ‘ਇਹ ਸਾਡੀ ਜਿ਼ੰਦਗੀ ਦਾ ਸਭ ਤੋਂ ਵੱਧ ਖੁਸ਼ੀਆਂ ਭਰਿਆ ਦਿਨ ਹੈ’। ਪਾਰਸਨਜ਼ ਨੇ ਹੋਰ ਕਿਹਾ, ‘ਓ ਅਮਰੀਕੀ ਪੁਰਸ਼ੋ! ਕੀ ਮੈਨੂੰ ਬੋਲਣ ਦੀ ਇਜਾਜ਼ਤ ਦਿਉਗੇ? ਹੇ ਸ਼ੈਰਿਫ ਮਾਟਸਨ (ਫਾਂਸੀ ਦੁਆਉਣ ਦਾ ਇਨਚਾਰਜ) ਮੈਨੂੰ ਕੁਝ ਕਹਿਣ ਦੇ। ਲੋਕਾਂ ਦੀ ਆਵਾਜ਼ ਸੁਣੀ ਜਾਵੇ’। ਉਹ ਬੋਲ ਹੀ ਰਿਹਾ ਸੀ ਕਿ ਰੱਸੇ ਖਿੱਚ ਦਿਤੇ ਗਏ।

1889 ਵਿਚ ਫਰਾਂਸੀਸੀ ਇਨਕਲਾਬ ਦੇ ਸੌ ਸਾਲਾ ਜਸ਼ਨਾਂ ਦੌਰਾਨ ਪੈਰਿਸ ਵਿਚ ਦੂਜੀ ਕੌਮਾਂਤਰੀ ਇਕੱਤਰਤਾ ਮੌਕੇ ਸ਼ਿਕਾਗੋ ਦੀਆਂ 1886 ਦੀਆਂ ਘਟਨਾਵਾਂ ਖ਼ਿਲਾਫ਼ 1890 ਤੋਂ ਕੌਮਾਂਤਰੀ ਪੱਧਰ ਤੇ ਰੋਸ ਪ੍ਰਗਟਾਉਣ ਦਾ ਫੈਸਲਾ ਕੀਤਾ ਅਤੇ ਰਸਮੀ ਤੌਰ ਤੇ ਪਹਿਲੀ ਮਈ ਨੂੰ ਹਰ ਸਾਲ ਕੌਮਾਂਤਰੀ ਪੱਧਰ ਤੇ ਮਜ਼ਦੂਰ ਦਿਹਾੜੇ ਵਜੋਂ ਮਨਾਉਣ ਦਾ ਫ਼ੈਸਲਾ ਹੋਇਆ। ਦੁਨੀਆ ਭਰ ਦੇ 100 ਤੋਂ ਵੱਧ ਦੇਸ਼ ਇੱਕ ਮਈ ਨੂੰ ਇਹ ਦਿਹਾੜਾ ਮਨਾਉਂਦੇ ਹਨ।

ਅਮਰੀਕਾ ਵਿਚ ਮਜ਼ਦੂਰ ਦਿਹਾੜਾ ਸਤੰਬਰ ਵਿਚ ਮਨਾਇਆ ਜਾਂਦਾ ਹੈ, ਕਿਉਂਕਿ ਉਦੋਂ ਦੇ ਅਮਰੀਕੀ ਰਾਸ਼ਟਰਪਤੀ ਗ਼ਰੋਵਰ ਕਲੀਵਲੈਂਡ ਨੂੰ ਡਰ ਸੀ ਕਿ ਪਹਿਲੀ ਮਈ ਨੂੰ 1986 ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕਿਤੇ ਲੋਕ ਮੁੜ ਨਾ ਭੜਕ ਪੈਣ। ਇਸੇ ਤਰ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜੋਹਨ ਸਪੈਰੋ ਡੇਵਿਡ ਥੌਂਪਸਨ ਨੇ 1894 ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਮੁਲਕ ਦਾ ਅਧਿਕਾਰਤ ਮਜ਼ਦੂਰ ਦਿਹਾੜਾ ਕਰਾਰ ਦਿੱਤਾ।

ਭਾਰਤ ਵਿਚ ਪਹਿਲੀ ਵਾਰ 1923 ਵਿਚ ਲੇਬਰ ਕਿਸਾਨ ਪਾਰਟੀ ਆਫ਼ ਹਿੰਦੋਸਤਾਨ ਨੇ ਮਦਰਾਸ ਵਿਚ ਮਈ ਦਿਹਾੜਾ ਮਨਾਇਆ ਤੇ ਲਾਲ ਝੰਡਾ ਲਹਿਰਾਇਆ। ਕਿਹਾ ਜਾਂਦਾ ਹੈ ਕਿ ਜਦੋਂ ਪਹਿਲੀ ਮਈ, 1886 ਨੂੰ ਸ਼ੁਰੂ ਹੋਏ ਸੰਘਰਸ਼ ਦੌਰਾਨ 4 ਮਈ, 1886 ਨੂੰ ਪੁਲੀਸ ਨੇ ਗੋਲੀ ਚਲਾਈ ਤਾਂ ਮਰਨ ਵਾਲਿਆਂ ਵਿਚ ਇੱਕ ਬੱਚੇ ਨੂੰ ਆਪਣੀ ਮਾਂ ਦੀ ਗੋਦੀ ਵਿਚ ਗੋਲੀ ਲੱਗੀ ਤਾਂ ਮਾਂ ਨੇ ਉਹਨੂੰ ਹੱਥ ਵਿਚ ਫੜੇ ਚਿਟੇ ਝੰਡੇ ਵਿਚ ਲਪੇਟ ਲਿਆ ਤੇ ਉਹ ਝੰਡਾ ਖੂਨ ਨਾਲ ਲਾਲ ਹੋ ਗਿਆ। ਉਦੋਂ ਤੋਂ ਬਾਅਦ ਦੇਸ਼ ਵਿਚ ਹਰ ਸਾਲ ਪਹਿਲੀ ਮਈ ਨੂੰ ਜੋਸ਼ ਨਾਲ ਮਜ਼ਦੂਰ ਦਿਹਾੜਾ ਮਨਾਇਆ ਜਾਂਦਾ ਹੈ। ਉਹ ਹੱਕ ਜਿਹੜਾ ਕੁਰਬਾਨੀਆਂ ਦੇ ਕੇ ਹਾਸਲ ਕੀਤਾ ਸੀ, ਭਾਰਤ ਸਰਕਾਰ ਨੇ ਇਤਿਹਾਸ ਨੂੰ ਪੁੱਠਾ ਗੇੜਾ ਦਿੰਦਿਆਂ ਖੋਹ ਲਿਆ ਹੈ।

ਜੋਗਿੰਦਰ ਸਿੰਘ ਤੂਰ

Share: