ਆਸਟਰੇਲੀਆ ਵੱਲੋਂ ਆਪਣੇ ਨਾਗਰਿਕਾਂ ਦੇ ਪਰਤਣ ’ਤੇ ਪਾਬੰਦੀ

ਆਸਟਰੇਲੀਆ ਵੱਲੋਂ ਆਪਣੇ ਨਾਗਰਿਕਾਂ ਦੇ ਪਰਤਣ ’ਤੇ ਪਾਬੰਦੀ

ਆਸਟਰੇਲਿਆਈ ਸਰਕਾਰ ਨੇ ਭਾਰਤ ਸਮੇਤ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਦੇਸ਼ਾਂ ’ਚ ਫਸੇ ਆਪਣੇ ਨਾਗਰਿਕਾਂ ਦੇ ਘਰ ਪਰਤਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਆਸਰੇਲੀਆ ਨੇ ਭਾਰਤ ਨਾਲ ਸਬੰਧਤ ਹਵਾਈ ਉਡਾਣਾਂ ਬੰਦ ਕੀਤੀਆਂ ਸਨ। ਭਾਰਤ ’ਚ 9000 ਤੋਂ ਵੱਧ ਆਸਟਰੇਲੀਆ ਦੇ ਨਾਗਰਿਕ ਹਨ। ਕਈ ਆਸਟਰੇਲੀਆ ਪਰਤਣਾ ਚਾਹੁੰਦੇ ਹਨ ਪਰ ਆਸਟਰੇਲੀਆ ਦੀ ਫ਼ਿਲਹਾਲ ਇਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। ਦੋ ਆਸਟਰੇਲਿਆਈ ਕ੍ਰਿਕਟਰ ਆਈਪੀਐੱਲ ਖੇਡਣ ਬਾਅਦ ਭਾਰਤ ਤੋਂ ਕਤਰ ਦੀ ਰਾਜਧਾਨੀ ਦੋਹਾ ਰਾਹੀਂ ਆਸਟਰੇਲੀਆ ਪਹੁੰਚੇ ਹਨ। ਆਸਟਰੇਲੀਆ ਨੇ ਇਸ ਨੂੰ ਹਵਾਈ ਸ਼ਰਤ ਨੂੰ ਬੰਦ ਕਰਨ ਬਾਰੇ ਕਿਹਾ ਹੈ। ਹੁਣ ਨਵੇਂ ਫ਼ੈਸਲੇ ਮੁਤਾਬਕ ਭਾਰਤ ਸਮੇਤ ਉਹ ਮੁਲਕ ਜਿੱਥੇ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ, ਤੋਂ ਕਿਸੇ ਹੋਰ ਤੀਜੇ ਮੁਲਕ ਦੀ ਹਵਾਈ ਉਡਾਣ ਰਾਹੀਂ ਆਸਟਰੇਲੀਆ ਆਉਣ ਦਾ ਦਾਖਲਾ ਸੋਮਵਾਰ ਤੋਂ ਬੰਦ ਕਰ ਦਿੱਤਾ ਗਿਆ ਹੈ। ਆਸਟਰੇਲੀਆ ਸਰਕਾਰ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ’ਤੇ ਪੰਜ ਸਾਲ ਦੀ ਕੈਦ ਜਾਂ 66000 ਡਾਲਰ ਦਾ ਜੁਰਮਾਨਾ ਹੋਵੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਆਸਟਰੇਲੀਆ ਲਈ ਉਸ ਦੇ ਹਿੱਤ ਪਹਿਲਾਂ ਹਨ। ਉਹ ਕੋਵਿਡ-19 ਫੈਲਣ ਦਾ ਹੋਰ ਜੋਖਮ ਲੈਣਾ ਨਹੀਂ ਚਾਹੁੰਦੇ। ਆਸਟਰੇਲੀਆ ’ਚ ਕਰੋਨਾ ਦੇ 29801 ਕੇਸ ਹਨ ਅਤੇ 910 ਲੋਕਾਂ ਦੀ ਮੌਤ ਹੋਈ ਹੈ। ਆਸਟਰੇਲੀਆ ’ਚ ਕੋਵਿਡ-19 ਟੀਕਾਕਰਨ ਚੱਲ ਰਿਹਾ ਹੈ।

ਫੈਡਰੇਸ਼ਨ ਆਫ ਇੰਡੀਅਨ ਆਸਟਰੇਲੀਅਨ ਐਸੋਸੀਏਸ਼ਨ ਵੱਲੋਂ ਫ਼ੈਸਲੇ ਦੀ ਨਿੰਦਾ

ਫੈਡਰੇਸ਼ਨ ਆਫ ਇੰਡੀਅਨ ਆਸਟਰੇਲੀਅਨ ਐਸੋਸੀਏਸ਼ਨ ਦੇ ਡਾ. ਯਾਦੂ ਸਿੰਘ ਨੇ ਸਰਕਾਰ ਦੇ ਇਸ ਫ਼ੈਸਲੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੁਲਕ ਦੇ ਨਾਗਰਿਕ ਜਿਹੜੇ ਬਾਹਰ ਹਨ, ਨੂੰ ਵਾਪਸ ਆਉਣ ਤੋਂ ਰੋਕਣਾ ਤੇ ਸਜ਼ਾ ਦੇਣੀ ਸਮਝ ਤੋਂ ਬਾਹਰ ਹੈ। ਜਦਕਿ ਇਹ ਨਾਗਰਿਕ ਆਪਣੇ ਖ਼ਰਚੇ ’ਤੇ ਆਸਟਰੇਲੀਆ ’ਚ 14 ਦਿਨ ਦੇ ਇਕਾਂਤਵਾਸ ਨਿਯਮਾਂ ਦੀ ਪਾਲਣਾ ਕਰਦੇ ਹਨ।

Share: